ਪੰਜਾਬ ਅਤੇ ਹੋਰ ਦੇਸ਼ਾਂ ਤੋਂ ਕਨੇਡਾ ਗਏ 70,000 ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਕਿਉਂ ਲੱਗ ਰਿਹਾ ਹੈ ਖ਼ਤਰੇ ਵਿਚ ? ਪੰਜਾਬ ਦੇ ਵਿਦਿਆਰਥੀ ਕਿਉਂ ਲਗਾਕੇ ਬੈਠ ਗਏ ਹਨ ਪੱਕਾ ਧਰਨਾ ?
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਨੇ ਕੈਨੇਡਾ ਦੇ ਬਰੈਂਪਟਨ ਵਿੱਚ ਪੱਕਾ ਰੋਸ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਹੈ। ਪ੍ਰਿੰਸ ਐਡਵਰਡ ਆਈਲੈਂਡ ਸਮੇਤ ਹੋਰ ਕੈਨੇਡੀਅਨ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੁੰਦੇ ਦਿਖਾਈ ਦੇ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਉਹ ਲੋਕ PR ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਸਨ, ਪਰ ਅਜਿਹਾ ਨਹੀਂ ਹੋਇਆ। ਕੈਨੇਡੀਅਨ ਵੀਜ਼ਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਨੇ ਪੀ ਆਰ ਦੀਆਂ ਉਮੀਦਾਂ ਨੂੰ ਖਤਰਾ ਪੈਦਾ ਕੀਤਾ ਹੈ, ਅਤੇ ਇਸੇ ਕਰਕੇ ਉਹ ਲੋਕ ਆਪਣੇ ਭਵਿੱਖ ਬਾਰੇ ਚਿੰਤਤ ਹਨ।
ਪ੍ਰਦਰਸ਼ਨ ਵਿੱਚ ਮੌਜੂਦ ਇਕ ਵਿਦਿਆਰਥੀ ਦਾ ਕਹਿਣਾ ਹੈ ਕਿ ਇਹ ਉਹ ਵਿਦਿਆਰਥੀ ਹੈ ਅਤੇ ਉਸ ਦਾ “ਕੰਮ ਦਾ ਤਜਰਬਾ” (Work Experience) ਪਹਿਲਾਂ ਹੀ ਪੂਰਾ ਹੋ ਚੁੱਕਾ ਹੈ।
“ਸਮੱਸਿਆ ਇਹ ਹੈ ਕਿ ਕੋਵਿਡ ਤੋਂ ਬਾਅਦ ਕੋਈ ਐਕਸਪ੍ਰੈਸ ਐਂਟਰੀ ਡਰਾਅ ਨਹੀਂ ਆਇਆ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ”।
ਉਹ ਅੱਗੇ ਦੱਸਦਾ ਹੈ ਕਿ “ਦੂਸਰਾ ਜੋ ਲੋਕ ਪੀਐੱਨਪੀ ਨੂੰ ਟੀਚਾ ਬਣਾ ਕੇ, ਵੱਖ-ਵੱਖ ਸੂਬਿਆਂ ਵਿੱਚ ਗਏ ਸਨ, ਜਦੋਂ ਜਦੋਂ ਉਹਨਾਂ ਆਪਣਾ “ਕੰਮ ਦਾ ਤਜਰਬਾ” (Work Experience) ਪੂਰਾ ਕਰ ਲਿਆ ਤਾਂ, ਤਦ ਉਹਨਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿਤਾ ਗਿਆ ਕਿ ਕੰਪਨੀ ਨੂੰ ਬੰਦਿਆਂ ਦੀ ਦੀ ਲੋੜ ਨਹੀਂ ਹੈ।”
ਉਹ ਉਦਾਹਰਣ ਦੇਕੇ ਦੱਸਦੇ ਹਨ, ਕਿ ਜਦੋਂ ਇੱਕ ਵੈਲਡਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਉਸ ਵਕ਼ਤ ਕੰਪਨੀ ਨੂੰ ਕਾਮੇ ਵਜੋਂ ਇੱਕ ਵਿਅਕਤੀ ਦੀ ਲੋੜ ਸੀ। ਪਰ ਜਦੋਂ ਵਿਦਿਆਰਥੀ ਦਾ ਵੈੱਲਡਰ ਪ੍ਰੋਗਰਾਮ ਖਤਮ ਹੋਇਆ, ਤਾਂ ਅਚਾਨਕ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਕੰਪਨੀ ਨੂੰ ਕਾਮੇ ਵਜੋਂ ਵਿਅਕਤੀ ਦੀ ਲੋੜ ਨਹੀਂ ਹੈ। ਜਦੋਂ ਕਿ, ਇਹ ਗੱਲ ਕੰਪਨੀ ਵੱਲੋਂ ਉਸ ਵਿਅਕਤੀ ਨੂੰ ਇਕ ਸਾਲ ਪਹਿਲਾਂ ਦੱਸਣੀ ਚਾਹੀਦੀ ਸੀ।
ਉਹ ਕਹਿੰਦੇ ਹਨ ਕਿ “ਉਨ੍ਹਾਂ ਕੋਲ “ਕੰਮ ਦਾ ਤਜਰਬਾ” (Work Experience) ਹੈ, ਪਰ, ਸਰਕਾਰ ਨੇ ਖੇਡ ਦੇ ਅੰਤ ਵਿੱਚ ਖੇਡ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ।”
ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕਰਮਚਾਰੀ ਮੁੱਖ ਤੌਰ ‘ਤੇ PNP ਜਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ PR ਪ੍ਰਾਪਤ ਕਰਦੇ ਹਨ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਤਬਦੀਲੀਆਂ ਨੇ ਇਸ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਵਿਦਿਆਰਥੀਆਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਵਧਾਈ ਜਾਵੇ।
ਨੌਜਵਾਨ ਸਪੋਰਟ ਨੈੱਟਵਰਕ ਦੇ ਇੱਕ ਹੋਰ ਨੌਜਵਾਨ ਵਰਕਰ ਦੱਸਦੇ ਹਨ ਕਿ ਲਗਭਗ 70,000 ਬੱਚਿਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਰਹੀ ਹੈ।
“ਪਿਛਲੇ ਨਿਯਮਾਂ ਅਨੁਸਾਰ ਬੱਚੇ ਆਮ ਤੌਰ ‘ਤੇ ਆਪਣੇ ਵਰਕ ਪਰਮਿਟ ਦੇ ਤਿੰਨ ਸਾਲਾਂ ਦੇ ਅੰਦਰ ਪੀਆਰ ਪ੍ਰਾਪਤ ਕਰ ਸਕਦੇ ਸਨ, ਪਰ ਹੁਣ ਸਰਕਾਰ ਨੇ ਜਾਣਬੁੱਝ ਕੇ ਨਿਯਮਾਂ ਨੂੰ ਐਨਾ ਸਖ਼ਤ ਕਰ ਦਿੱਤਾ ਹੈ, ਕਿ ਕੋਈ ਵੀ ਹੁਣ ਤਿੰਨ ਸਾਲਾਂ ਦੇ ਅੰਦਰ ਪੀਆਰ ਪ੍ਰਾਪਤ ਕਰ ਹੀ ਨਹੀਂ ਸਕਦਾ ।
ਨਵੇਂ ਨਿਯਮਾਂ ਅਨੁਸਾਰ ਵਿਦਿਆਰਥੀਆਂ ਕੋਲ ਆਪਣੇ ਵਰਕ ਪਰਮਿਟ ਵਧਾਉਣ ਦਾ ਕੋਈ ਵਿਕਲਪ ਬਚਦਾ । ਉਹਨਾਂ ਕੋਲ ਇਕੋ ਇੱਕ ਵਿਕਲਪ ਸ਼ਰਣ ਲਈ ਅਰਜ਼ੀ (ਰਿਫਿਊਜੀ ਦਾਅਵਾ) ਦੇਣਾ ਰਹਿ ਗਿਆ ਹੈ।
12ਵੀਂ ਕਰਨ ਤੋਂ ਬਾਅਦ ਇੱਥੇ ਆਉਣ ਵਾਲੇ ਬੱਚਿਆਂ ਨੂੰ , ਓਥੇ ਰਹਿ ਰਹੇ ਵਿਦਿਆਰਥੀ ਹੁਣ ਨਾ ਆਉਣ ਦੀ ਸਲਾਹ ਦਿੰਦੇ ਹਾਂ। ਕਿਉਂਕਿ, ਉਹ ਹੁਣ ਤਿੰਨ ਸਾਲਾਂ ਵਿੱਚ PR ਅੰਕ ਹਾਸਲ ਕਰਨ ਦੇ ਯੋਗ ਨਹੀਂ ਹੋ ਸਕਦੇ ।
ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਇਕ ਹੋਰ ਵਿਦਿਆਰਥੀ ਦੱਸਦਾ ਹੈ ਕਿ ਉਸ ਨੇ ਕਈ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ।
ਉਹ ਕਹਿੰਦੇ ਹਨ ਕਿ, ਇਹ ਧਰਨਾ ਹੁਣ ਦਿਨ-ਰਾਤ ਜਾਰੀ ਰਹੇਗਾ। ਕਿਉਂਕਿ, ਕਿਸੇ ਵੀ MP ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸਾਡੀ ਗੱਲ ਨਹੀਂ ਸੁਣੀ। ਇਸ ਲਈ ਅਸੀਂ ਹੁਣ ਪੱਕਾ ਧਰਨਾ ਲਗਾਕੇ ਬੈਠ ਗਏ ਹਾਂ ।
ਉਹ ਅੱਗੇ ਕਹਿੰਦੇ ਹਨ ਕਿ “ਜੇ ਕਿਤੇ ਪਹਿਲਾਂ ਡਰਾਅ ਦਿੱਤੇ ਹੁੰਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ । ਕਿਉਂਕਿ, ਇਹ ਉਹੀ ਡਰਾਅ ਵਾਲੇ ਹੀ ਬੱਚੇ ਹਨ।”
ਕੈਨੇਡਾ ਵਿੱਚ ਵਧਦੀ ਇਮੀਗ੍ਰੇਸ਼ਨ, ਰਿਹਾਇਸ਼ ਦੀ ਕਮੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਸਬੰਧਤ ਮੁੱਦੇ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੇ ਹਨ।
ਮਾਰਚ 2024 ਵਿੱਚ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡਾ ਨੇ ਆਉਣ ਵਾਲੇ ਸਮੇਂ ਵਿੱਚ ਅਸਥਾਈ ਨਿਵਾਸੀਆਂ ਦੀ ਮੌਜੂਦਾ ਗਿਣਤੀ 6.2% ਤੋਂ ਘਟਾ ਕੇ 5% ਕਰਨ ਦੀ ਯੋਜਨਾ ਬਣਾ ਰਿਹਾ ਹੈ।
ਕੈਨੇਡਾ ਦੀ ਸਰਕਾਰ ਨੇ ਜਨਵਰੀ 2024 ਵਿੱਚ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਅਨੁਸਾਰ 2024 ਵਿੱਚ ਸਿਰਫ਼ 3,60,000 ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਮਿਲੇਗਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 35% ਘੱਟ ਹੈ।
ਕੈਨੇਡੀਅਨ ਸਰਕਾਰ ਦੀ ਨੀਤੀ ਵਿੱਚ ਬਦਲਾਅ
ਭਾਰਤ ਤੋਂ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਪਰ ਹੁਣ ਕੈਨੇਡੀਅਨ ਸਰਕਾਰ ਵੀ ਵਿਦਿਆਰਥੀਆਂ ਪ੍ਰਤੀ ਸਖ਼ਤ ਹੋ ਰਹੀ ਹੈ।
ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਿੰਨ ਸਾਲਾਂ ਦਾ ਵਰਕ ਪਰਮਿਟ ਮਿਲਦਾ ਹੈ। ਇਸ ਮਿਆਦ ਦੇ ਦੌਰਾਨ, ਵਿਦਿਆਰਥੀ PNP ਜਾਂ ਫੈਡਰਲ ਸਕੀਮ ਦੇ ਤਹਿਤ PR (ਸਥਾਈ ਨਾਗਰਿਕਤਾ) ਲਈ ਅਰਜ਼ੀ ਦੇ ਦਿੰਦੇ ਹਨ।
ਪਰ ਹੁਣ ਕੈਨੇਡਾ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਰੀਨਿਊ ਕਰਨ ਤੋਂ ਇਨਕਾਰ ਕਰ ਚੁੱਕਾ ਹੈ। ਇਸ ਕਾਰਨ ਕਰਕੇ, ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਡਰ ਸਤਾ ਰਿਹਾ ਹੈ।
ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਕੈਨੇਡਾ ਨੇ ਵਰਕ ਪਰਮਿਟਾਂ ਦੀ ਮਿਆਦ ਵਿਚ ਅਸਥਾਈ 18-ਮਹੀਨਿਆਂ ਦਾ ਵਾਧਾ ਕਰਨ ਦੀ ਨੀਤੀ ਲਾਗੂ ਕੀਤੀ ਸੀ। ਹਾਲਾਂਕਿ, ਕੈਨੇਡੀਅਨ ਸਰਕਾਰ ਨੇ ਪਿਛਲੇ ਦਿਨੀਂ ਇਸ ਨੀਤੀ ਨੂੰ ਬਦਲ ਦਿੱਤਾ ਹੈ। ਇਸੇ ਦੇ ਨਾਲ ਹੀ, ਜੀਆਈਸੀ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਗਈ ਹੈ।
ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਰਹਿਣ ਦੀ ਲਾਗਤ ਨੂੰ GIC ਵਜੋਂ ਜਾਣਿਆ ਜਾਂਦਾ ਹੈ। ਨਵੇਂ GIC ਨਿਯਮ 1 ਜਨਵਰੀ, 2024 ਤੋਂ ਲਾਗੂ ਹੋ ਚੁਕੇ ਹਨ ।
ਕੈਨੇਡਾ ਵਿੱਚ ਮਾਸਟਰ ਜਾਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਕੈਨੇਡਾ ਸਰਕਾਰ ਵੱਲੋਂ ਸਪਾਓਸ ਵੀਜ਼ਾ ਜਾਰੀ ਕੀਤਾ ਜਾਵੇਗਾ ।
ਹੁਣ ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਓਸ ਵੀਜ਼ੇ ‘ਤੇ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਕੈਨੇਡਾ ਨਹੀਂ ਬੁਲਾ ਸਕਦੇ। ਜਦਕਿ, ਇਸ ਤੋਂ ਪਹਿਲਾਂ, ਡਿਪਲੋਮਾ ਕੋਰਸ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾ ਸਕਦੇ ਸਨ।
Source : ਬੀਬੀਸੀ ਪੰਜਾਬੀ