What is Panth and who is the ‘real Panthak’, why this debate suddenly became the center of Punjab politics ?

ਪੰਥ ਕੀ ਹੈ ਤੇ ਕੌਣ ‘ਅਸਲੀ ਪੰਥਕ’ ਹੈ, ਇਹ ਬਹਿਸ ਅਚਾਨਕ ਪੰਜਾਬ ਸਿਆਸਤ ਦਾ ਕੇਂਦਰ ਕਿਉਂ ਬਣ ਗਈ ?

ਸਿੱਖ ਸਿਆਸਤ ਨਾਲ ਜੁੜੇ ਵੱਖ-ਵੱਖ ਸਿਆਸੀ ਦਲਾਂ ਵੱਲੋਂ ਆਪਣੇ ਆਪ ਨੂੰ ‘ਅਸਲ ਪੰਥਕ’ ਸਾਬਤ ਕਰਨ ਦੀ ਹੋੜ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

ਇੱਥੇ ਹੀ ਬੱਸ ਨਹੀਂ, ਸਗੋਂ ਪੰਥਕ ਅਖਵਾਉਣ ਦੀ ਇਸ ਦੌੜ ਵਿੱਚ ਸ਼ਾਮਲ ਸਿਆਸੀ ਆਗੂਆਂ ਨੇ ਇੱਕ-ਦੂਜੇ ਖ਼ਿਲਾਫ਼ ਤਿੱਖੇ ਸ਼ਬਦੀ ‘ਬਾਣ’ ਵੀ ਚਲਾਉਣੇ ਸ਼ੁਰੂ ਕਰ ਦਿੱਤੇ ਹਨ।

ਭਾਵੇਂ ਇਹ ਸਿਲਸਿਲਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਸ਼ੁਰੂ ਹੋ ਗਿਆ ਸੀ ਪਰ ਅਸਲ ਵਿੱਚ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਸਿਆਸੀ ਦਲਾਂ ਵੱਲੋਂ ਕੀਤੀਆਂ ਗਈਆਂ ਕਾਨਫਰੰਸਾਂ ਮੌਕੇ ‘ਪੰਥਕ ਏਜੰਡੇ’ ‘ਤੇ ਦੂਸ਼ਣਬਾਜ਼ੀ ਦਾ ਦੌਰ ਪੂਰੀ ਤਰ੍ਹਾਂ ਨਾਲ ਭਖ ਗਿਆ।

ਰੱਖੜ ਪੁੰਨਿਆ ਮੌਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਕਾਨਫਰੰਸ ਕੀਤੀ, ਉੱਥੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਵੀ ਇੱਕ ਪੰਥਕ ਇਕੱਤਰਤਾ ਕੀਤੀ।

ਇਸ ਕਾਨਫਰੰਸ ਦੀ ਅਗਵਾਈ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ।

ਇਸ ਤੋਂ ਬਾਅਦ 20 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਪਿੰਡ ਲੋਗੋਵਾਲ ਵਿਖੇ ਮਨਾਈ ਗਈ।

ਇਸ ਮੌਕੇ ਵੀ ਸੁਖਬੀਰ ਸਿੰਘ ਬਾਦਲ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਅਮ੍ਰਿਤਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉੱਪਰ ਜ਼ੋਰਦਾਰ ਸਿਆਸੀ ਹਮਲੇ ਕੀਤੇ।

ਇਸ ਮੌਕੇ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਖ਼ਿਲਾਫ਼ ਕੀਤੀ ਗਈ ਇਲਜ਼ਾਮ-ਤਰਾਸ਼ੀ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਇਨ੍ਹਾਂ ਆਗੂਆਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ।

 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਬੋਲੇ

ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੂਜੀਆਂ ਪੰਥਕ ਧਿਰਾਂ ਦੇ ਆਗੂਆਂ ਦਾ ਨਾਂ ਲਏ ਬਗ਼ੈਰ ਉਨ੍ਹਾਂ ਨੂੰ ਪੰਥ ਦੇ ‘ਗ਼ੱਦਾਰ’ ਤੱਕ ਕਹਿ ਦਿੱਤਾ।

ਉਨ੍ਹਾਂ ਕਿਹਾ, “ਸਿੱਖ ਕੌਮ ਜ਼ੁਲਮ ਦੇ ਖ਼ਿਲਾਫ਼ ਲੜ ਕੇ ਲੋਕਾਂ ਨੂੰ ਇਨਸਾਫ਼ ਦਵਾਉਣ ਵਾਲੀ ਕੌਮ ਹੈ। ਹੁਣ ਏਜੰਸੀਆਂ ਨੇ ਅਜਿਹੇ ਸਿੱਖ ਚਿਹਰੇ ਖੜ੍ਹੇ ਕਰ ਦਿੱਤੇ ਹਨ, ਜੋ ਸਿੱਖ ਸੰਗਠਨਾਂ ਨੂੰ ਖ਼ਤਮ ਕਰਨ ਲੱਗੇ ਹੋਏ ਹਨ।”

“ਇਹ ਚਿਹਰੇ ਗਰਮ ਨਾਅਰੇ ਲਾ ਕੇ ਕੌਮ ਦੇ ਲੀਡਰ ਬਣਨਾ ਚਾਹੁੰਦੇ ਹਨ। ਅਜਿਹੇ ਲੋਕ ਉੱਪਰੋਂ ਦੇਖਣ ਨੂੰ ਪੰਥਕ ਹਨ ਪਰ ਇਹ ਦਿਲੋਂ ਪੰਥਕ ਵਿਚਾਰਧਾਰਾ ਨੂੰ ਖਤਮ ਕਰਨ ਵਾਲੇ ਲੋਕ ਹਨ।”

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦਾ ਨਾਂ ਲਏ ਬਗ਼ੈਰ ਸੁਖਬੀਰ ਸਿੰਘ ਬਾਦਲ ਨੇ ਇਜ਼ਰਾਈਲ ਤੇ ਫਲਸਤੀਨ ਦਰਮਿਆਨ ਹੋ ਰਹੇ ਯੁੱਧ ਦੌਰਾਨ ‘ਹਮਾਸ’ ਦੀ ਭੂਮਿਕਾ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ, “ਹਮਾਸ ਵਾਲੇ ਇਜ਼ਰਾਈਲ ‘ਤੇ ਹਮਲਾ ਕਰਕੇ ਖੁਦ ਦੌੜ ਗਏ ਅਤੇ ਫਲਸਤੀਨੀ ਲੋਕ ਮਰਵਾ ਦਿੱਤੇ।”

ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੱਸਦਿਆਂ ਪੰਥਕ ਮੁੱਦੇ ਤੇ ਕਈ ਹੋਰ ਸ਼ਖਸ਼ੀਅਤਾਂ ਨੂੰ ਵੀ ਘੇਰਿਆ।

ਉਨ੍ਹਾਂ ਨੇ ਪੰਥਕ ਰਵਾਇਤਾਂ ਦੀ ਗੱਲ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਪੰਥ ਦਾ ‘ਗ਼ੱਦਾਰ’ ਤੱਕ ਕਹਿ ਦਿੱਤਾ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਥਕ ਏਜੰਡੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੀ ਤਿੱਖੀ ਨੁਕਤਾਚੀਨੀ ਕੀਤੀ।

ਅਮ੍ਰਿਤਪਾਲ ਸਿੰਘ ਦਾ ਨਾਂ ਲਏ ਬਿਨ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਇੱਕ ਵਿਅਕਤੀ ਦੀ ਓਨੀ ਉਮਰ ਵੀ ਨਹੀਂ ਹੈ, ਜਿੰਨੀ ਬੰਦੀ ਸਿੰਘਾਂ ਨੇ ਜੇਲ੍ਹ ਕੱਟ ਲਈ ਹੈ।”

ਦੂਜੇ ਆਗੂਆਂ ਦਾ ਸੁਖਬੀਰ ਬਾਦਲ ਨੂੰ ਜਵਾਬ

ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਏਜੰਡੇ ਨੂੰ ਲੈ ਕੇ ਦੂਜੇ ਦਲਾਂ ਦੇ ਆਗੂਆਂ ਨੂੰ ਘੇਰਿਆ ਗਿਆ, ਉੱਥੇ ਸੁਖਬੀਰ ਸਿੰਘ ਬਾਦਲ ਦੇ ਵਿਰੋਧੀਆਂ ਨੇ ਉਨ੍ਹਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ।

ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕਹੀਆਂ ਗਈਆਂ ਗੱਲਾਂ ਦਾ ਜਵਾਬ ਦਿੱਤਾ।

ਉਨ੍ਹਾਂ ਕਿਹਾ, “ਡੇਰਾ ਸੱਚਾ ਸੌਦਾ ਸਿਰਸਾ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਰਹੇ ਪ੍ਰਦੀਪ ਕਲੇਰ ਵੱਲੋਂ ਕਹੀਆਂ ਗਈਆਂ ਗੱਲਾਂ ਨਾਲ ਸੁਖਬੀਰ ਸਿੰਘ ਬਾਦਲ ਦੇ ਮੂੰਹ ਉੱਪਰੋਂ ਪੰਥਕ ਮਖੌਟਾ ਉਤਰ ਗਿਆ ਹੈ।”

“ਪ੍ਰਦੀਪ ਕਲੇਰ ਦੀਆਂ ਗੱਲਾਂ ਨਾਲ ਇਹ ਸਾਬਤ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਗੁਰਮੀਤ ਰਾਮ ਰਹੀਮ ਨਾਲ ਕਿੰਨੇ ਗੂੜੇ ਸਬੰਧ ਸਨ।”

“ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਸਿੱਖਾਂ ਦੇ ਸ਼ਹੀਦ ਹੋਣ ਦੀਆਂ ਘਟਨਾਵਾਂ ਇਸ ਅਖੌਤੀ ਪੰਥਕ ਆਗੂ ਦੀ ਸਰਕਾਰ ਸਮੇਂ ਹੀ ਹੋਈਆਂ ਸਨ।”

‘ਬੀਬੀਸੀ’ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਖਾਲਸਾ ਨੇ ਕਿਹਾ, “ਸਿੱਖ ਸੰਗਤਾਂ ਨੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਚੋਣਾਂ ਵਿੱਚ ਹਰਾ ਕੇ ਇਹ ਦੱਸ ਦਿੱਤਾ ਹੈ ਕੇ ਸੰਗਤਾਂ ਬਾਦਲ ਦਲ ਦੇ ਨਾਲ ਨਹੀਂ ਹਨ।”

ਸਰਬਜੀਤ ਸਿੰਘ ਖਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਜਿਸ ਪ੍ਰਦੀਪ ਕਲੇਰ ਦਾ ਜ਼ਿਕਰ ਕੀਤਾ ਹੈ, ਉਹ ਡੇਰਾ ਸੱਚਾ ਸੌਦਾ ਸਿਰਸਾ ਦੀ ਨੈਸ਼ਨਲ ਯੂਥ ਵਿੰਗ ਕਮੇਟੀ ਦਾ ਆਗੂ ਰਿਹਾ ਹੈ।

ਪ੍ਰਦੀਪ ਕਲੇਰ ਖ਼ਿਲਾਫ਼ ਜ਼ਿਲ੍ਹਾ ਬਠਿੰਡਾ, ਫਰੀਦਕੋਟ ਅਤੇ ਮੋਗਾ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਕੰਧਾਂ ਉੱਪਰ ਭੜਕਾਊ ਪੋਸਟਰ ਲਾਉਣ ਅਤੇ ਬਰਗਾੜੀ ਵਿਖੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਤਹਿਤ 8 ਮਾਮਲੇ ਦਰਜ ਹਨ।

ਪ੍ਰਦੀਪ ਕਲੇਰ ਨੂੰ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਪਰ ਇਸ ਸਮੇਂ ਉਹ ਜਮਾਨਤ ਉੱਤੇ ਹੈ।

ਪ੍ਰਦੀਪ ਕਲੇਰ ਨੇ ਪਿਛਲੇ ਦਿਨੀਂ ਸੁਖਬੀਰ ਬਾਦਲ ਉੱਤੇ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੁਆਉਣ ਦੇ ਇਲਜ਼ਾਮ ਲਾਏ ਸਨ।

ਜਿਸ ਕਾਰਨ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਕਈ ਸਵਾਲ ਪੁੱਛੇ ਜਾ ਰਹੇ ਸਨ।

ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦੇ ਧੜੇ ਨੇ ਪਹਿਲਾਂ ਹੀ ਸੁਖਬੀਰ ਦੀ ਸ਼ਿਕਾਇਤ ਅਕਾਲ ਤਖ਼ਤ ਉੱਤੇ ਕੀਤੀ ਹੋਈ ਹੈ। ਦੋਵੇਂ ਧਿਰਾ ਇੱਕ ਦੂਜੇ ਖ਼ਿਲਾਫ਼ ਗੈਰ ਪੰਥਕ ਹੋਣ ਦੇ ਇਲਜ਼ਾਮ ਲਾ ਰਹੀਆਂ ਹਨ।

 

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੀ ਪ੍ਰਤਿਕਿਰਿਆ

ਜਸਵੀਰ ਸਿੰਘ ਰੋਡੇ

ਤਸਵੀਰ ਸਰੋਤ,JASVIR SINGH RODE

ਤਸਵੀਰ ਕੈਪਸ਼ਨ,ਜਸਵੀਰ ਸਿੰਘ ਰੋਡੇ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਿਰਫ਼ ਧਾਰਮਿਕ ਏਜੰਡੇ ਉੱਪਰ ਹੀ ਲੜੀਆਂ ਜਾਂਦੀਆਂ ਹਨ

ਭਾਈ ਜਸਵੀਰ ਸਿੰਘ ਰੋਡੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਹਨ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਏਜੰਡਾ ਉਭਾਰਨ ਦੀ ਗੱਲ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

‘ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਸਵਾਲ ਇਹ ਨਹੀਂ ਹੈ ਕਿ ਕੌਣ ਪੰਥਕ ਹੈ ਜਾਂ ਨਹੀਂ ਹੈ। ਸੁਖਬੀਰ ਸਿੰਘ ਬਾਦਲ ਅਜਿਹੀਆਂ ਫੋਕੀਆਂ ਗੱਲਾਂ ਕਰਕੇ ਸਿੱਖਾਂ ਵਿਚ ਡਿੱਗੇ ਆਪਣੇ ਸਿਆਸੀ ਗਰਾਫ਼ ਨੂੰ ਉੱਚਾ ਨਹੀਂ ਚੁੱਕ ਸਕਦੇ।”

“ਸਵਾਲ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਵਿਚ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਰਹਿੰਦਿਆਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਵੇਂ ਹੋਈ।”

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗਦੇ ਸਿੱਖਾਂ ਉੱਪਰ ਗੋਲੀ ਚਲਾ ਕੇ ਦੋ ਸਿੱਖਾਂ ਦਾ ਕਤਲ ਕਿਸ ਪਾਰਟੀ ਦੀ ਸਰਕਾਰ ਵੇਲੇ ਹੋਇਆ। ਸਵਾਲ ਤਾਂ ਇਹ ਵੀ ਹੈ।”

ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਨਾਂ ਗੱਲਾਂ ਨੂੰ ਮੁੱਖ ਰੱਖਦਿਆ ਨੈਤਿਕ ਤੌਰ ‘ਤੇ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।”

ਸਿੱਖ ਸਿਆਸਤ ਨਾਲ ਜੁੜੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਪੰਥਕ ਮੁੱਦਾ ਉਭਾਰਨ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਿਰਫ਼ ਧਾਰਮਿਕ ਏਜੰਡੇ ਉੱਪਰ ਹੀ ਲੜੀਆਂ ਜਾਂਦੀਆਂ ਹਨ।

ਸਿੱਖ ਹਲਕਿਆਂ ਵਿੱਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸਿੱਖ ਆਗੂ ਇਸ ਸਮੇਂ ਬੰਦੀ ਸਿੰਘਾਂ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ। ਇਸ ਨੂੰ ਵੀ ਇੱਕ ਪੰਥਕ ਮੁੱਦਾ ਹੀ ਸਮਝਿਆ ਜਾ ਰਿਹਾ ਹੈ।

 

ਬਾਗ਼ੀ ਅਕਾਲੀ ਧੜੇ ਨੇ ਲੌਂਗੋਵਾਲ ‘ਚ ਮੀਟਿੰਗ ਕਰਕੇ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਵੀ ਪਿੰਡ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਦੀ ਲੌਂਗੋਵਾਲ ਦੀ ਬਰਸੀ ਮੌਕੇ ਇਕੱਠ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਮੌਕੇ ਕਿਹਾ ਕਿ ਜਿਵੇਂ ਹੀ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਛੱਡਿਆ ਤਾਂ ਉਸੇ ਵੇਲੇ ਪੰਥ ਵੀ ਅਕਾਲੀ ਦਲ ਤੋਂ ਦੂਰ ਹੋ ਗਿਆ।

ਉਨ੍ਹਾਂ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਵਿੱਚ ਸਾਡੇ ਪੁਰਖਿਆਂ ਦਾ ਖੂਨ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਪਾਰਟੀ ਨੂੰ ਖੋਰਾ ਲਾ ਕੇ ਕਮਜ਼ੋਰ ਕੀਤਾ ਹੈ।”

“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਸਿਆਸੀ ਦਖ਼ਲ ਦੇ ਕੇ ਉਸ ਦਾ ਘਾਣ ਕੀਤਾ ਗਿਆ ਹੈ। ਪੰਥਕ ਏਜੰਡਾ ਛੱਡਣ ਕਾਰਨ ਹੀ ਪਿਛਲੀਆਂ 5 ਚੋਣਾਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸ਼ੀਸ਼ਾ ਦਿਖਾਇਆ ਹੈ।”

“ਇਨ੍ਹਾਂ ਕਾਰਨਾਂ ਕਰਕੇ ਹੀ ਸਾਡਾ ਸੁਖਬੀਰ ਸਿੰਘ ਬਾਦਲ ਤੋਂ ਭਰੋਸਾ ਟੁੱਟ ਚੁੱਕਿਆ ਹੈ।”

 

ਸਿਮਰਨਜੀਤ ਸਿੰਘ ਮਾਨ ਦਾ ਤਰਕ

ਸਿਮਰਨਜੀਤ ਸਿੰਘ ਮਾਨ

ਤਸਵੀਰ ਸਰੋਤ,SIMRANJIT SINGH MANN

ਤਸਵੀਰ ਕੈਪਸ਼ਨ,ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਥਕ ਮੁੱਦੇ ਲੋਕ ਸਭਾ ਵਿੱਚ ਉਠਾਉਣੇ ਚਾਹੀਦੇ ਹਨ, ਉਹ ਪੰਥਕ ਆਗੂ ਸੜਕਾਂ ਉੱਪਰ ਉਠਾਉਣ ਦਾ ਯਤਨ ਕਰ ਰਹੇ ਹਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬਿਆਨ ਜਾਰੀ ਕਰਦਿਆਂ ਪੰਥਕ ਏਜੰਡੇ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਅਤੇ ਸੁਖਬੀਰ ਸਿੰਘ ਬਾਦਲ ਉੱਪਰ ਟਿੱਪਣੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ, “ਪੰਥਕ ਹਤੈਸ਼ੀ ਅਤੇ ਆਪਣੇ ਹੱਕ ਮੰਗਣ ਵਾਲੇ ਸਿੱਖ ਆਗੂਆਂ ਦੇ ਵਿਦੇਸ਼ਾਂ ਵਿੱਚ ਕਤਲ ਕੀਤੇ ਜਾ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਹੈ।”

ਉਨ੍ਹਾਂ ਸਵਾਲ ਕੀਤਾ, “ਅਜਿਹੇ ਵਿੱਚ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਇਹ ਮੁੱਦੇ ਕੇਂਦਰ ਕੋਲ ਕਿਉਂ ਨਹੀਂ ਉਠਾਏ।”

ਪੰਥਕ ਹਲਕਿਆਂ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦੀ ਚੱਲ ਰਹੀ ਗੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਨਵੀਂ ਪਾਰਟੀ ਦੇ ਆਗੂ ਸਪੱਸ਼ਟ ਕਰਨ ਕਿ ਕੀ ਉਹ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਲੈ ਸਕਣਗੇ।”

“ਇਸ ਤੋਂ ਇਲਾਵਾ ਕੀ ਨਵੀਂ ਪਾਰਟੀ ਬਰਗਾੜੀ ਅਤੇ ਕੋਟਕਪੂਰਾ ਕਾਂਡ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਹਿਸਾਬ ਲਵੇਗੀ।”

ਉਨ੍ਹਾਂ ਕਿਹਾ ਕਿ ਜਿਹੜੇ ਪੰਥਕ ਮੁੱਦੇ ਲੋਕ ਸਭਾ ਵਿੱਚ ਉਠਾਉਣੇ ਚਾਹੀਦੇ ਹਨ, ਉਹ ਪੰਥਕ ਆਗੂ ਸੜਕਾਂ ਉੱਪਰ ਉਠਾਉਣ ਦਾ ਯਤਨ ਕਰ ਰਹੇ ਹਨ।

 

ਪੰਥਕ ਮੁੱਦੇ ‘ਤੇ ਸਿੱਖ ਬੁੱਧੀਜੀਵੀਆਂ ਦੀ ਦਲੀਲ

ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਇਤਿਹਾਸਕਾਰ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਹਨ।

ਉਹ ਕਹਿੰਦੇ ਹਨ, “ਅਸਲ ਵਿੱਚ ਇਸ ਵੇਲੇ ਸਮੁੱਚੀਆਂ ਪੰਥਕ ਧਿਰਾਂ ਨੂੰ ਸਿੱਖ ਕੌਮ ਦੇ ਮੁੱਖ ਮੁੱਦਿਆਂ ‘ਤੇ ਸੰਵਿਧਾਨਕ ਢੰਗ ਨਾਲ ਸੰਘਰਸ਼ ਕਰਨ ਦੀ ਜ਼ਰੂਰਤ ਹੈ।”

“ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਅਮ੍ਰਿਤਪਾਲ ਸਿੰਘ ਦੀ ਪੰਥਕ ਹਲਕਿਆਂ ਵਿੱਚ ਵਧੀ ਲੋਕਪ੍ਰਿਅਤਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਲਈ ਖ਼ਤਰਾ ਲੱਗ ਰਿਹਾ ਹੈ।”

“ਦੂਜੇ ਪਾਸੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਸੀਮਤ ਸਾਧਨਾਂ ਦੇ ਬਾਵਜੂਦ ਵੱਡੀ ਜਿੱਤ ਦਰਜ ਕਰਨਾ ਵੀ ਸ਼੍ਰੋਮਣੀ ਅਕਾਲੀ ਦਲ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।”

ਉਹ ਕਹਿੰਦੇ ਹਨ, “ਅੱਜ ਸਿੱਖ ਕੌਮ ਸਮਝਦੀ ਹੈ ਕਿ ਸਿੱਖ ਸਿਧਾਂਤਾਂ ਦੀ ਗੱਲ ਕਰਨ ਵਾਲਾ ਹੀ ਉਨ੍ਹਾਂ ਲਈ ਪੰਥਕ ਹੈ।”

“ਸਿੱਖ ਆਗੂਆਂ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇੱਕ ਵੀ ਅਜਿਹਾ ਨਿਰਣਾ ਨਹੀਂ ਲਿਆ, ਜੋ ਸਿੱਖ ਸਿਧਾਂਤਾਂ ਅਤੇ ਪੰਥ ਦੀ ਤਰਜ਼ਮਾਨੀ ਕਰਦਾ ਹੋਵੇ।”

ਗਿਆਨੀ ਕੇਵਲ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਸਾਬਕਾ ਜਥੇਦਾਰ ਹਨ।

ਸਿਆਸੀ ਆਗੂਆਂ ਵੱਲੋਂ ਪੰਥਕ ਮੁੱਦੇ ਨੂੰ ਲੈ ਇੱਕ-ਦੂਜੇ ਖ਼ਿਲਾਫ਼ ਕੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਉਹ ਸਿੱਖ ਸਿਧਾਂਤ ਦੇ ਉਲਟ ਦੱਸਦੇ ਹਨ।

ਉਹ ਕਹਿੰਦੇ ਹਨ, “ਦੂਸ਼ਣਬਾਜ਼ੀ ਕਰਨ ਵਾਲੇ ਇਨਾਂ ਸਿਆਸੀ ਆਗੂਆਂ ਲਈ ਪੰਥ ਦਾ ਮਤਲਬ ਕੁਰਸੀ ਹਾਸਲ ਕਰਨਾ ਹੈ। ਅਸਲ ਵਿੱਚ ਪੰਥਕ ਸੋਚ ਕੀ ਹੈ ਅਤੇ ਪੰਥਕ ਸਿਧਾਂਤ ਕੀ ਹੈ, ਇਸ ਗੱਲ ਨਾਲ ਸਿੱਖ ਆਗੂਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ।”

“ਸਿਆਸੀ ਲੋਕ ਪੰਥ ਦੀਆਂ ਭਾਵਨਾਵਾਂ ਨੂੰ ਸਿਰਫ਼ ਸੱਤਾ ਦੀ ਪ੍ਰਾਪਤੀ ਲਈ ਹੀ ਵਰਤਣਾ ਜਾਣਦੇ ਹਨ। ਪੰਥ ਦੀ ਪਰਿਭਾਸ਼ਾ ਇਹ ਹੈ ਕਿ ਪੰਥ ਕਦੇ ਵੀ ਧੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ। ਜੇ ਪੰਥ ਧੜਿਆਂ ਵਿੱਚ ਵੰਡਿਆ ਗਿਆ ਹੈ ਤਾਂ ਉਹ ਪੰਥ ਨਹੀਂ ਹੈ।”

ਸੁਖਬੀਰ ਸਿੰਘ ਬਾਦਲ ਵੱਲੋਂ ਬਾਬਾ ਬਕਾਲਾ ਅਤੇ ਲੌਂਗੋਵਾਲ ਵਿੱਚ ਦਿੱਤੇ ਗਏ ਭਾਸ਼ਨ ਉੱਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, “ਅਸਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਗਈ ਹੈ। ਸੁਖਬੀਰ ਨੂੰ ਲੱਗਦਾ ਹੈ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿੱਖ ਸੰਗਤ ਦਾ ਝੁਕਾਅ ਅੰਮ੍ਰਿਤਪਾਲ ਸਿੰਘ ਵੱਲ ਵਧ ਰਿਹਾ ਹੈ।”

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਕੌਮ ਲਈ ਸਭ ਤੋਂ ਵੱਡਾ ਪੰਥਕ ਸਿਧਾਂਤ ਹੈ। ਇਸ ਤੋਂ ਬਾਅਦ ਗੁਰੂ ਦੇ ਓਟ ਆਸਰੇ ਨਾਲ ਪੰਥਕ ਸਿਧਾਂਤ ਆਉਂਦਾ ਹੈ। ਪੰਥਕ ਕੌਣ ਹੈ ਕੌਣ ਨਹੀਂ ਇਸ ਦਾ ਫ਼ੈਸਲਾ ਸਿੱਖ ਸੰਗਤ ਨੇ ਕਰਨਾ ਹੈ, ਨਾ ਕਿ ਕਿਸੇ ਸਿਆਸੀ ਆਗੂ ਨੇ।”

 

ਪੰਥ ਕੀ ਹੈ ਅਤੇ ਪੰਥਕ ਹੋਣ ਦਾ ਦਾਅਵਾ ਕੌਣ ਕਰਦੇ ਹਨ

ਸਿੱਖ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, “ਅਸਲ ਵਿੱਚ ਪੰਥ ਸ਼ਬਦ ਸਿੱਖ ਗੁਰੂ ਸਾਹਿਬਾਨਾਂ ਦੇ ਸਿਧਾਂਤ ਉੱਤੇ ਪਹਿਰਾ ਦੇਣ ਲਈ ਸਮੁੱਚੀ ਕੌਮ ਵੱਲੋਂ ਮੰਨੀ ਜਾਂਦੀ ਸਾਂਝੀ ਵਿਚਾਰਧਾਰਾ ਦਾ ਨਾਂ ਹੈ।”

“ਸਰਬ ਸਾਂਝੀਵਾਲਤਾ ਉੱਤੇ ਪਹਿਰਾ ਦੇਣ ਅਤੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਸਿੱਖ ਕੌਮ ਦੀ ਬੇਹਤਰੀ ਲਈ ਤਨ,ਮਨ ਨਿਛਾਵਰ ਕਰਨ ਵਾਲੀ ਸ਼ਖਸ਼ੀਅਤ ਪੰਥਕ ਹੋ ਸਕਦੀ ਹੈ।”

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਕਹਿੰਦੇ ਹਨ, “ਪੰਥ ਉਹ ਪਵਿੱਤਰ ਸ਼ਬਦ ਹੈ, ਜੋ ਸਰਬ ਸਾਂਝੀਵਾਲਤਾ ਦੇ ਝੰਡੇ ਹੇਠ ਸਮੁੱਚੀ ਲੁਕਾਈ ਦੀ ਗੁਰੂ ਦੇ ਓਟ ਆਸਰੇ ਅਧੀਨ ਭਲਾਈ ਕਰਨ ਦਾ ਪ੍ਰਤੀਕ ਹੋਵੇ।”

“ਬਦਕਿਸਮਤੀ ਦੀ ਗੱਲ ਹੈ ਕਿ ਅੱਜ ਦੇ ਸਿਆਸੀ ਆਗੂ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਦੇ ਉਲਟ ਜਾ ਕੇ ਸਿਆਸੀ ਚੌਧਰ ਨੂੰ ਹੀ ਆਪਣਾ ਧਰਮ ਮੰਨਣ ਲੱਗ ਪਏ ਹਨ। ਇਹ ਸਿੱਖ ਕੌਮ ਦੇ ਭਵਿੱਖ ਲਈ ਚਿੰਤਾ ਵਾਲੀ ਗੱਲ ਹੈ।”

Guru Granth Sahib Saroop Seized By Doha Qatar Authorties

Leave a Reply

Your email address will not be published. Required fields are marked *